ਲੁਧਿਆਣਾ( ) ਵਾਤਾਵਰਣ ਅਨੁਕੂਲ ਤਿਉਹਾਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ, ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਅਤੇ ਐਨ ਸੀ ਸੀ ਕੈਡਿਟਾਂ ਵੱਲੋਂ ‘ਗ੍ਰੀਨ ਦਿਵਾਲੀ’ ਵਿਸ਼ੇ ‘ਤੇ ਪੋਸਟਰ ਮੇਕਿੰਗ ਮੁਕਾਬਲਾ ਅਤੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।
ਪਰਮਬੀਰ ਸਿੰਘ ਨੇ ਦੱਸਿਆ ਕਿ ਕਮਾਂਡਿੰਗ ਅਫਸਰ, ਨੰ: 4 ਪੰਜਾਬ ਏਅਰ ਸਕੁਐਡਰਨ ਐਨ ਸੀ ਸੀ ਲੁਧਿਆਣਾ ਅਤੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਅੱਜ ਵਿਦਿਆਰਥੀਆਂ ਨੇ ‘ਪਟਾਕਿਆਂ ਨੂੰ ਨਾਂਹ ਕਹੋ’ ਅਤੇ ‘ਸਾਫ਼ ਅਤੇ ਹਰੀ-ਭਰੀ ਦਿਵਾਲੀ ਮਨਾਓ’ ਦੇ ਸੁਨੇਹੇ ਦਿੰਦੇ ਹੋਏ ਰਚਨਾਤਮਕ ਪੋਸਟਰ ਬਣਾਏ। ਮੁਕਾਬਲੇ ਤੋਂ ਬਾਅਦ ਕੈਡੇਟਾਂ ਅਤੇ ਵਲੰਟੀਅਰਾਂ ਵੱਲੋਂ ਆਲੇ-ਦੁਆਲੇ ਦੇ ਇਲਾਕੇ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਗਈ।
ਪ੍ਰਿੰਸੀਪਲ ਕਰਨਜੀਤ ਸਿੰਘ ਨੇ ਕੈਡੇਟਾਂ ਅਤੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਾਤਾਵਰਣ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਇਸ ਮੌਕੇ ਸ਼੍ਰੀ ਮਨੋਜ ਕੁਮਾਰ, ਮਨਦੀਪ ਸਿੰਘ, ਬੀ.ਐਡ ਵਿਦਿਆਰਥਣਾਂ ਰਾਜਨਜੋਤ ਕੌਰ, ਕਾਜਲ, ਜੈਸਮੀਨ ਅਤੇ ਹੋਰਨਾਂ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ।

