ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚਾ (JMM) ਦੇ ਸੰਸਥਾਪਕ ਸ਼ਿਬੂ ਸੋਰੇਨ ਦਾ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਪਿਛਲੇ ਇੱਕ ਮਹੀਨੇ ਤੋਂ ਲੰਮੀ ਬਿਮਾਰੀ ਕਾਰਨ ਹਸਪਤਾਲ ਵਿੱਚ ਦਾਖਲ ਸਨ ਅਤੇ ਪਿਛਲੇ ਦੋ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ।
ਸ਼ਿਬੂ ਸੋਰੇਨ, ਜਿਨ੍ਹਾਂ ਨੂੰ ‘ਦਿਸ਼ੋਮ ਗੁਰੂ’ ਅਤੇ ‘ਗੁਰੂ ਜੀ’ ਵਜੋਂ ਵੀ ਜਾਣਿਆ ਜਾਂਦਾ ਸੀ, ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਰਾਹੀਂ ਕੀਤੀ। ਉਨ੍ਹਾਂ ਨੇ ਲਿਖਿਆ, “ਆਦਰਯੋਗ ਦਿਸ਼ੋਮ ਗੁਰੂ ਜੀ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਹਨ। ਅੱਜ ਮੈਂ ਸੁੰਨ ਹੋ ਗਿਆ ਹਾਂ।”
ਸ਼ਿਬੂ ਸੋਰੇਨ ਦਾ ਜਨਮ 11 ਜਨਵਰੀ 1944 ਨੂੰ ਹੋਇਆ ਸੀ। ਉਨ੍ਹਾਂ ਨੇ ਝਾਰਖੰਡ ਰਾਜ ਦੇ ਗਠਨ ਲਈ ਅਹਿਮ ਭੂਮਿਕਾ ਨਿਭਾਈ। ਉਹ ਤਿੰਨ ਵਾਰ ਝਾਰਖੰਡ ਦੇ ਮੁੱਖ ਮੰਤਰੀ ਰਹੇ ਅਤੇ ਕੇਂਦਰ ਸਰਕਾਰ ਵਿੱਚ ਵੀ ਕੈਬਨਿਟ ਮੰਤਰੀ ਦੇ ਅਹੁਦੇ ‘ਤੇ ਰਹੇ। ਉਨ੍ਹਾਂ ਦੇ ਦਿਹਾਂਤ ਨਾਲ ਝਾਰਖੰਡ ਦੀ ਰਾਜਨੀਤੀ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਦੇਸ਼ ਭਰ ਦੇ ਨੇਤਾਵਾਂ ਅਤੇ ਆਮ ਲੋਕਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।






