ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਸਮੇਂ-ਸਮੇਂ ਡੀਵਰਮਿੰਗ ਕਰਨਾ ਜਰੂਰੀ: ਡਾ. ਜਗਦੀਪ ਚਾਵਲਾ ਸਿਵਲ ਸਰਜਨ
ਸਿੱਖਿਆ ਵਿਭਾਗ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਇੱਕ ਸਾਲ ਤੋਂ ਉਂਨੀ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਐਲਬੈਂਡਾਜੋਲ ਗੋਲੀਆਂ – ਡਾ. ਜਗਦੀਪ ਚਾਵਲਾਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ, 06 ਅਗਸਤ:
ਸਿਹਤ ਵਿਭਾਗ ਵੱਲੋਂ ਸਿੱਖਿਆ ਵਿਭਾਗ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਇੱਕ ਸਾਲ ਤੋਂ ਉਂਨੀ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਓਣ ਲਈ ਮਿਤੀ 7 ਅਗਸਤ 2025 ਨੂੰ ਨੈਸ਼ਨਲ ਡੀਵਾਰਮਿੰਗ ਡੇ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦਫਤਰ ਸਿਵਲ ਸਰਜਨ ਵਿਖੇ ਜਾਗਰੁਕਤਾ ਸਮੱਗਰੀ ਜਾਰੀ ਕੀਤੀ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਨੈਸ਼ਨਲ ਡੀਵਾਰਮਿੰਗ ਡੇ ਦੌਰਾਨ 01 ਸਾਲ ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਐਲਬੈਂਡਾਜੋਲ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਹਰ ਸਾਲ ਵਿੱਚ ਦੋ ਵਾਰ ਪੇਟ ਦੇ ਕੀੜਿਆਂ ਤੋਂ ਮੁਕਤੀ ਦਾ ਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 7 ਅਗਸਤ 2025 ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ, ਪੋਲੀਟੈਕਨਿਕ ਕਾਲਜ, ਆਈਲੈਟਸ ਸੈਂਟਰ ਅਤੇ ਆਂਗਣਵਾੜੀ ਸੈਂਟਰਾਂ ਅਤੇ ਸਕੂਲ ਨਾ ਜਾਣ ਵਾਲੇ 1 ਤੋ 19 ਸਾਲ ਤੱਕ ਦੇ ਲਗਭੱਗ 225000 ਬੱਚਿਆਂ ਨੂੰ ਐਲਬੈਂਡਾਜੋਲ ਦੀ ਗੋਲੀ (ਚਬਾ ਕੇ ਖਾਣ ਵਾਲੀ ਗੋਲੀ) ਖੁਵਾਈ ਜਾ ਰਹੀ ਹੈ ਤਾਂ ਜ਼ੋ ਬੱਚਿਆਂ ਨੂੰ ਪੇਟ ਦੇ ਕੀੜੇ ਹੋਣ ਕਾਰਣ ਹੋਣ ਵਾਲੇ ਨੁਕਸਾਨਾਂ ਤੋ ਬਚਾਇਆ ਜਾ ਸਕੇ। ਇੱਕ ਸਾਲ ਤੋ ਲੈ ਕੇ 2 ਸਾਲਾਂ ਤੱਕ ਦੇ ਬੱਚੇ ਨੂੰ ਐਲਬੈਂਡਾਜੋਲ ਸਿਰਪ ਦੀ ਡੋਜ਼ ਅਤੇ 2 ਤੋ 19 ਸਾਲ ਤੱਕ ਕੇ ਬੱਚਿਆਂ ਨੂੰ 400 ਮਿਲੀਗ੍ਰਾਮ ਐਲਬੈਂਡਾਜੋਲ ਦੀ ਇੱਕ ਗੋਲੀ ਖੁਆਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬੱਚੇ ਦੇ ਪੇਟ ਵਿੱਚ ਕੀੜੇ ਹੋਣ ਕਾਰਣ ਬੱਚੇ ਵਿੱਚ ਅਨੀਮੀਆ, ਭੁੱਖ ਘੱਟ ਲੱਗਣਾ, ਕੁਪੋਸ਼ਣ, ਮਾਨਸਿਕ ਤੇ ਬੌਧਿਕ ਕਮਜੋਰੀ, ਥਕਾਵਟ, ਬੇਚੈਨੀ, ਪੇਟ ਵਿੱਚ ਦਰਦ, ਜੀਅ ਮਤਲਾਉਣਾ, ਚਿੜਚਿੜਾਪਣ, ਉਲਟੀ ਅਤੇ ਦਸਤ ਆਉਣਾ ਜਾਂ ਲੈਟਰੀਨ ਵਿੱਚ ਖੂਨ ਆਉਣਾ ਲੱਛਣ ਹੋ ਸਕਦੇ ਹਨ ਅਤੇ ਬੱਚਾ ਦਿਨੋ ਦਿਨ ਕਮਜੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ। ਇਸ ਲਈ ਹਰ ਇੱਕ ਬੱਚੇ ਨੂੰ ਇਹ ਗੋਲੀ ਖਾਣੀ ਅਤੀ ਜਰੂਰੀ ਹੈ ਤਾਂ ਜੋ ਬੱਚਿਆਂ ਦੀ ਸਿਹਤ ਨੂੰ ਬਿਹਤਰ ਬਣਾਇਆ ਜਾ ਸਕੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਐਲਬੈਂਡਾਜੋਲ ਦੀਆਂ ਗੋਲੀਆਂ ਅਤੇ ਸਿਰਪ ਸਿਹਤ ਵਿਭਾਗ ਦੇ ਸਟਾਫ ਵੱਲੋਂ ਜ਼ਿਲ੍ਹੇ ਦੇ ਸਾਰੇ ਸਕੂਲਾਂ, ਕਾਲਜਾਂ, ਆਈਲੈਟਸ ਸੈਂਟਰਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਪਹੁੰਚਾਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਸੁਖਮੰਦਰ ਸਿੰਘ ਬਰਾੜ ਜ਼ਿਲ੍ਹਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਬਚਣ ਲਈ ਸਾਨੂੰ ਆਪਣੇ ਹੱਥ ਖਾਣਾ ਖਾਣ ਤੋਂ ਪਹਿਲਾ, ਖਾਣਾ ਪਰੋਸਣ ਤੋਂ ਪਹਿਲਾਂ ਅਤੇ ਪਾਖਾਨਾ ਜਾਣ ਤੋਂ ਬਾਅਦ ਸਾਬਣ ਨਾਲ ਧੋਣੇ ਚਾਹੀਦੇ ਹਨ, ਖੁੱਲੇ ਵਿੱਚ ਪਾਖਾਨਾ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਹਮੇਸ਼ਾ ਸਾਫ਼ ਪਾਣੀ ਪੀਣਾ ਚਾਹੀਦਾ ਹੈ, ਨੰਗੇ ਪੈਰ ਨਹੀਂ ਰਹਿਣਾ ਚਾਹੀਦਾ, ਖਾਣਾ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ।
ਇਸ ਮੌਕੇ ਸੁਮਿਤ ਕੁਮਾਰ ਸਹਾਇਕ ਕੰਟਰੋਲਰ ਵਿੱਤ ਤੇ ਲੇਖਾ, ਸਤਵੀਰ ਕੌਰ ਸੁਪਰਡੈਂਟ, ਦੀਪਕ ਕੁਮਾਰ ਡੀ.ਪੀ.ਐਮ. ਭੁਪਿੰਦਰ ਸਿੰਘ ਸਟੈਨੋ, ਪਰਮਜੀਤ ਕੌਰ, ਸ਼੍ਰੀਮਤੀ ਸ਼ਾਲੂ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਅਤੇ ਦਫ਼ਤਰ ਸਿਵਲ ਸਰਜਨ ਦੇ ਸਟਾਫ ਮੈਂਬਰ ਮੋਜੂਦ ਸਨ।






