*ਵਿਗਿਆਨ ਅਤੇ ਗੁਰਬਾਣੀ*
(ਬ੍ਰਹਿਮੰਡ ਅਤੇ ਜੀਵਨ ਉਤਪੱਤੀ ਦਾ ਸਫ਼ਰ) ਅਜੋਕੇ ਦੌਰ ਵਿੱਚ ਵਿਗਿਆਨ ਨੇ ਬ੍ਰਹਿਮੰਡ ਦੇ ਕਈ ਰਹੱਸਾਂ ਤੋਂ ਪਰਦਾ ਚੁੱਕਿਆ ਹੈ। ਪਰ ਇਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਕਿ ਜਿਨ੍ਹਾਂ ਤੱਥਾਂ ਨੂੰ ਅੱਜ ਦੇ ਵਿਗਿਆਨੀ ਪ੍ਰਯੋਗਸ਼ਾਲਾਵਾਂ ਵਿੱਚ ਸਿੱਧ ਕਰ ਰਹੇ ਹਨ, ਉਨ੍ਹਾਂ ਦਾ ਜ਼ਿਕਰ ਤਾਂ ਗੁਰੂ ਸਾਹਿਬਾਨ ਨੇ ਸਦੀਆਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਕਰ ਦਿੱਤਾ ਹੈ।ਗੁਰਬਾਣੀ ਕੇਵਲ ਅਧਿਆਤਮਿਕ ਮਾਰਗਦਰਸ਼ਕ ਹੀ ਨਹੀਂ,ਸਗੋਂ ਬ੍ਰਹਿਮੰਡੀ ਵਿਗਿਆਨ ਦਾ ਇੱਕ ਅਨਮੋਲ ਖ਼ਜ਼ਾਨਾ ਵੀ ਹੈ।
ਵਿਗਿਆਨ ਦੀ ਸਭ ਤੋਂ ਪ੍ਰਚਲਿਤ ਧਾਰਨਾ ‘ਬਿਗ ਬੈਂਗ ਥਿਊਰੀ’ ਅਨੁਸਾਰ ਬ੍ਰਹਿਮੰਡ ਦੀ ਸ਼ੁਰੂਆਤ ਇੱਕ ਬਹੁਤ ਵੱਡੇ ਧਮਾਕੇ ਨਾਲ ਹੋਈ, ਜਿਸ ਤੋਂ ਪਹਿਲਾਂ ਸਭ ਕੁਝ ਸੁੰਨ ਅਤੇ ਚਾਰੇ ਪਾਸੇ ਧੁੰਦ ਸੀ। ਗੁਰੂ ਨਾਨਕ ਦੇਵ ਜੀ ਨੇ ‘ਮਾਰੂ ਰਾਗ’ ਵਿੱਚ ਇਸ ਅਵਸਥਾ ਦਾ ਵਰਣਨ ਕਰਦਿਆਂ ਕਿਹਾ:
*ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ ਹੁਕਮੁ ਅਪਾਰਾ ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥ ।।*
*ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥*
ਵਿਗਿਆਨ ਕਹਿੰਦਾ ਹੈ ਕਿ ਬ੍ਰਹਿਮੰਡ ਲਗਾਤਾਰ ਫੈਲ ਰਿਹਾ ਹੈ ਅਤੇ ਇਸ ਵਿੱਚ ਅਣਗਿਣਤ ਆਕਾਸ਼ ਤੇ ਪਾਤਾਲ ਹਨ। ਗੁਰਬਾਣੀ ਅਨੁਸਾਰ
*ਕੀਤਾ ਪਸਾਉ ਏਕੋ ਕਵਾਉ॥*
*ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥*
ਪਾਣੀ ਅਤੇ ਹਵਾ ਵਿਗਿਆਨ ਅਨੁਸਾਰ ਧਰਤੀ ਉੱਤੇ ਜੀਵਨ ਦੀ ਸ਼ੁਰੂਆਤ ਸਮੁੰਦਰਾਂ ਦੇ ਪਾਣੀ ਵਿੱਚੋਂ ਹੋਈ। ਗੁਰੂ ਸਾਹਿਬ ਨੇ ਇਸ ਕੁਦਰਤੀ ਸੱਚਾਈ ਨੂੰ ਬਹੁਤ ਪਹਿਲਾਂ ਬਿਆਨ ਕੀਤਾ
*ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।*
ਸਿਰਫ ਇਹ ਹੀ ਨਹੀਂ, ਤੱਤਾਂ ਦੇ ਵਿਕਾਸ ਦਾ ਕ੍ਰਮ ਵੀ ਗੁਰਬਾਣੀ ਵਿੱਚ ਬੜੀ ਸਪੱਸ਼ਟਤਾ ਨਾਲ ਮਿਲਦਾ ਹੈ:
*ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥*
ਪਰਮਾਤਮਾ ਤੋਂ ਗੈਸਾਂ/ਹਵਾ ਬਣੀ, ਹਵਾ ਤੋਂ ਪਾਣੀ ਪੈਦਾ ਹੋਇਆ ਅਤੇ ਪਾਣੀ ਤੋਂ ਹੀ ਤਿੰਨਾਂ ਲੋਕਾਂ ਦੀ ਰਚਨਾ ਹੋਈ।
ਗੁਰਬਾਣੀ ਵਿੱਚ ਜੀਵਾਂ ਦੀ ਉਤਪਤੀ ਦੇ ਚਾਰ ਮੁੱਖ ਸੋਮਿਆਂ ‘ਚਾਰ ਖਾਣੀਆਂ’ ਦਾ ਵਿਸਥਾਰਪੂਰਵਕ ਜ਼ਿਕਰ ਹੈ:
*ਅੰਡਜ ਜੇਰਜ ਸੇਤਜ ਕੀਨੀ ॥ ਉਤਭੁਜ ਖਾਨਿ ਬਹੁਰਿ ਰਚਿ ਦੀਨੀ ॥*
*ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥*
*ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥ ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥* ੧.ਅੰਡਜ: ਆਂਡੇ ਤੋਂ ਪੈਦਾ ਹੋਣ ਵਾਲ(ਪੰਛੀ, ਡੱਡੂ ,ਮੱਛੀ, ਸੱਪ ਆਦਿ )। ੨.ਜੇਰਜ: ਕੁੱਖ/ਗਰਭ ਤੋਂ ਜਨਮ ਲੈਣ ਵਾਲੇ(ਪਸ਼ੂ ਅਤੇ ਮਨੁੱਖ)। ੩.ਸੇਤਜ: ਪਸੀਨੇ ਜਾਂ ਨਮੀ ਤੋਂ ਪੈਦਾ ਹੋਣ ਵਾਲੇ ਸੂਖਮ ਜੀਵ(ਜੂੰਆਂ,ਕੀੜੇ )। ੪.ਉਤਭੁਜ: ਧਰਤੀ ਵਿੱਚੋਂ ਫੁੱਟਣ ਵਾਲੇ (ਬਨਸਪਤੀ)।
ਕੁਦਰਤ ਦੀ ਕਾਰੀਗਰੀ ਦੇਖੋ ਕਿ ਜੀਵ ਦੇ ਪੈਦਾ ਹੋਣ ਤੋਂ ਅਗਾਊਂ ਉਸਦੀ ਖੁਰਾਕ ਦਾ ਪ੍ਰਬੰਧ ਹੁੰਦਾ ਹੈ। ਵਿਗਿਆਨਕ ਪੱਖੋਂ ਇੱਕ ਬੀਜ ਦੇ ਅੰਦਰ ਭਵਿੱਖਤ ਪੌਦੇ ਵਿੱਚ ਨਿਰਮਿਤ ਹੋਣ ਲਈ ਪਹਿਲਾਂ ਹੀ ਭੋਜਨ (Endosperm) ਜਮ੍ਹਾ ਹੁੰਦਾ ਹੈ। ਗੁਰਬਾਣੀ ਇਸ ਦੀ ਗਵਾਹੀ ਭਰਦੀ ਹੈ:
*ਪਹਿਲੋ ਦੇ ਤੈਂ ਰਿਜਕੁ ਸਮਾਹਾ ॥ ਪਿਛੋ ਦੇ ਤੈਂ ਜੰਤੁ ਉਪਾਹਾ॥*
*ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥*
*ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ॥*
ਵਿਗਿਆਨ ਅਤੇ ਅਧਿਆਤਮਿਕਤਾ ਇੱਕ-ਦੂਜੇ ਦੇ ਵਿਰੋਧੀ ਨਹੀਂ, ਸਗੋਂ ਪੂਰਕ ਹਨ। ਜਿੱਥੇ ਵਿਗਿਆਨ ਸਾਨੂੰ ‘ਕਿਵੇਂ’ ਦਾ ਜਵਾਬ ਦਿੰਦਾ ਹੈ, ਉੱਥੇ ਗੁਰਬਾਣੀ ਸਾਨੂੰ ‘ਕਿਉਂ’ ਅਤੇ ਜੀਵਨ ਦੇ ਅਸਲ ਮਕਸਦ ਨਾਲ ਜੋੜਦੀ ਹੈ। ਅੱਜ ਲੋੜ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਗਿਆਨ ਅਤੇ ਵਿਗਿਆਨ ਦੇ ਸੁਮੇਲ ਤੋਂ ਜਾਣੂ ਕਰਵਾਈਏ ਅਤੇ ਹਕੀਕਤ ਦੇ ਵੱਖ- ਵੱਖ ਪਹਿਲੂਆਂ ਨੂੰ ਸਮਝੀਏ।।
ਪ੍ਰਭਜੋਤ ਕੌਰ
ਸਾਇੰਸ ਮਿਸਟ੍ਰੈਸ
98556-91116





