ਸਿਟੀ ਦਸਤਕ | ਲੁਧਿਆਣਾ | 27 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਵਰਧਮਾਨ ਸਪੈਸ਼ਲ ਸਟੀਲਜ਼ ਅਤੇ ਜਪਾਨ ਦੀ ਆਈਚੀ ਸਟੀਲ ਦੀ ਭਾਈਵਾਲੀ ਨਾਲ ਬਣਨ ਵਾਲੇ ₹1,116 ਕਰੋੜ ਦੀ ਲਾਗਤ ਵਾਲੇ ਦੇਸ਼ ਦੇ ਪਹਿਲੇ ਆਧੁਨਿਕ ਫੋਰਜਿੰਗ ਅਤੇ ਮਸ਼ੀਨਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਇਸ ਪ੍ਰੋਜੈਕਟ ਨੂੰ ਪੰਜਾਬ ਦੇ ਉਦਯੋਗਿਕ ਵਿਕਾਸ ਲਈ ਮੀਲ ਪੱਥਰ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਪਹਿਲੇ ਪੜਾਅ ਵਿੱਚ 500 ਤੋਂ ਵੱਧ ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ, ਜਦਕਿ ਆਉਣ ਵਾਲੇ ਸਮੇਂ ਵਿੱਚ ਯੂਨਿਟ ਦੇ ਵਿਸਥਾਰ ਨਾਲ ਕਰੀਬ 2,000 ਹੋਰ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਦਸੰਬਰ 2025 ਵਿੱਚ ਜਪਾਨ ਦੌਰੇ ਦੌਰਾਨ ਆਈਚੀ ਸਟੀਲ ਨਾਲ ₹500 ਕਰੋੜ ਦੇ ਨਿਵੇਸ਼ ਦਾ ਸਮਝੌਤਾ ਹੋਇਆ ਸੀ, ਪਰ ਪੰਜਾਬ ਦੇ ਉਦਯੋਗ-ਪੱਖੀ ਮਾਹੌਲ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕੰਪਨੀ ਨੇ ਆਪਣਾ ਨਿਵੇਸ਼ ਵਧਾ ਕੇ ₹1,116 ਕਰੋੜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਵਿੱਚ ਵੱਧ ਰਹੇ ਨਿਵੇਸ਼ਕਾਂ ਦੇ ਭਰੋਸੇ ਦਾ ਸਪੱਸ਼ਟ ਪ੍ਰਮਾਣ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪਲਾਂਟ ਵਿੱਚ ਤਿਆਰ ਹੋਣ ਵਾਲੇ ਉੱਚ-ਗੁਣਵੱਤਾ ਵਾਲੇ ਆਟੋਮੋਬਾਈਲ ਪਾਰਟਸ ਨਾ ਸਿਰਫ਼ ਭਾਰਤ ਸਗੋਂ ਯੂਰਪ, ਆਸੀਆਨ ਦੇਸ਼ਾਂ, ਅਫਰੀਕਾ ਅਤੇ ਮੈਕਸੀਕੋ ਸਮੇਤ ਕਈ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵੀ ਨਿਰਯਾਤ ਕੀਤੇ ਜਾਣਗੇ। ਇਸ ਨਾਲ ਲੁਧਿਆਣਾ ਨੂੰ ਐਡਵਾਂਸਡ ਇੰਜੀਨੀਅਰਿੰਗ ਅਤੇ ਆਟੋਮੋਬਾਈਲ ਕੰਪੋਨੈਂਟ ਨਿਰਮਾਣ ਦਾ ਮਹੱਤਵਪੂਰਨ ਕੇਂਦਰ ਬਣਾਉਣ ਵਿੱਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਤਹਿਤ ‘ਸਿੰਗਲ-ਵਿੰਡੋ, ਸਿੰਗਲ-ਪੈੱਨ’ ਪ੍ਰਣਾਲੀ ਰਾਹੀਂ ਨਿਵੇਸ਼ਕਾਂ ਨੂੰ 45 ਕੰਮਕਾਜੀ ਦਿਨਾਂ ਦੇ ਅੰਦਰ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਨਾਲ ਉਦਯੋਗਾਂ ਨੂੰ ਤੇਜ਼ੀ ਨਾਲ ਪ੍ਰੋਜੈਕਟ ਸ਼ੁਰੂ ਕਰਨ ਵਿੱਚ ਸਹੂਲਤ ਮਿਲ ਰਹੀ ਹੈ ਅਤੇ ਪੰਜਾਬ ਨਿਵੇਸ਼ ਲਈ ਇੱਕ ਪਸੰਦੀਦਾ ਸੂਬਾ ਬਣ ਰਿਹਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਨੇ ਲਗਭਗ ₹1.78 ਲੱਖ ਕਰੋੜ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ ਕਰੀਬ 6 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਟੀਚਾ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨਾ ਅਤੇ ਪੰਜਾਬ ਨੂੰ ਦੇਸ਼ ਦਾ ਪ੍ਰਮੁੱਖ ਉਦਯੋਗਿਕ ਅਤੇ ਮੈਨੂਫੈਕਚਰਿੰਗ ਹੱਬ ਬਣਾਉਣਾ ਹੈ।






