ਲੁਧਿਆਣਾ: ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਵਿਖੇ ਕਾਰਗਿਲ ਵਿਜੇ ਦਿਵਸ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਨੰਬਰ 4 ਪੰਜਾਬ ਏਅਰ ਸਕੁਐਡਰਨ ਐਨਸੀਸੀ, ਲੁਧਿਆਣਾ ਦੇ ਕੈਡਿਟਾਂ ਵੱਲੋਂ ਕੀਤਾ ਗਿਆ।
ਇਸ ਮੌਕੇ ਸਕੂਲ ਦੇ 45 ਐਨਸੀਸੀ ਕੈਡਿਟਾਂ ਨੇ ਭਾਗ ਲਿਆ।
ਫਸਟ ਅਫਸਰ ਪਰਮਬੀਰ ਸਿੰਘ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਾਰਗਿਲ ਵਿਜੇ ਦਿਵਸ 1999 ਦੀ ਕਾਰਗਿਲ ਜੰਗ ਵਿੱਚ ਭਾਰਤੀ ਫੌਜ ਦੀ ਸ਼ਾਨਦਾਰ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮਈ ਤੋਂ ਜੁਲਾਈ 1999 ਤੱਕ ਭਾਰਤੀ ਜਵਾਨਾਂ ਨੇ ਬਹਾਦਰੀ ਨਾਲ ਲੜ ਕੇ ਪਾਕਿਸਤਾਨੀ ਘੁਸਪੈਠੀਆਂ ਤੋਂ ਕਾਰਗਿਲ ਦੀ ਧਰਤੀ ਨੂੰ ਆਜ਼ਾਦ ਕਰਵਾਇਆ ਸੀ, ਜੋ ਅੱਤਵਾਦੀਆਂ ਦੇ ਭੇਸ ਵਿੱਚ ਸਾਡੇ ਖੇਤਰ ਵਿੱਚ ਦਾਖਲ ਹੋ ਗਏ ਸਨ।
ਸਮਾਗਮ ਦੀ ਸ਼ੁਰੂਆਤ ਕਾਰਗਿਲ ਜੰਗ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਲੀ ਦਸਤਾਵੇਜ਼ੀ ਫਿਲਮ ਦਿਖਾ ਕੇ ਕੀਤੀ ਗਈ। ਕੈਡਿਟਾਂ ਨੇ ਭਾਸ਼ਣਾਂ ਰਾਹੀਂ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀ ਦੀਆਂ ਗਾਥਾਵਾਂ ਸੁਣਾਈਆਂ। ਇਸ ਮੌਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਗਾਏ ਗਏ।

ਪ੍ਰਿੰਸੀਪਲ ਕਰਨਜੀਤ ਸਿੰਘ ਨੇ ਕੈਡਿਟਾਂ ਨੂੰ ਦੇਸ਼ ਪ੍ਰਤੀ ਵਫ਼ਾਦਾਰ ਰਹਿਣ ਅਤੇ ਦੇਸ਼ ਸੇਵਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਦਿਵਸ ਮਨਾਉਣ ਨਾਲ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ।
ਸਮਾਗਮ ਦੇ ਅੰਤ ਵਿੱਚ ਕੈਡਿਟਾਂ ਨੇ ਹਿੰਮਤ, ਏਕਤਾ ਅਤੇ ਦੇਸ਼ ਸੇਵਾ ਦੇ ਸੰਕਲਪ ਲੈਣ ਦਾ ਪ੍ਰਣ ਕੀਤਾ।






