ਨਵੀਂ ਦਿੱਲੀ, 9 ਜੁਲਾਈ: ਭਾਰਤੀ ਰਿਜ਼ਰਵ ਬੈਂਕ (RBI) ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਲੋਕਾਂ ਨੂੰ ਯਾਦ ਦਿਵਾਇਆ ਹੈ ਕਿ ਜੇਕਰ ਉਨ੍ਹਾਂ ਕੋਲ ਅਜੇ ਵੀ ₹2,000 ਦਾ ਨੋਟ ਮੌਜੂਦ ਹੈ ਤਾਂ ਉਹ ਇਸ ਨੂੰ ਜਮ੍ਹਾ ਜਾਂ ਬਦਲਵਾ ਸਕਦੇ ਹਨ। RBI ਨੇ ਆਪਣੀ ਪੋਸਟ ਵਿੱਚ ਲਿਖਿਆ, “ਜੇ ਤੁਹਾਡੇ ਕੋਲ ਅਜੇ ਵੀ ₹2,000 ਦਾ ਨੋਟ ਹੈ, ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ।”
RBI ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਮਈ 2023 ਵਿੱਚ ₹2,000 ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਸੀ, ਪਰ ਇਹ ਨੋਟ ਅਜੇ ਵੀ ਕਾਨੂੰਨੀ ਮੁਦਰਾ (Legal Tender) ਹਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦੀ ਕਾਨੂੰਨੀ ਮਾਨਤਾ ਖਤਮ ਨਹੀਂ ਹੋਈ ਅਤੇ ਲੋਕ ਇਨ੍ਹਾਂ ਨੂੰ ਨਿਰਧਾਰਤ ਪ੍ਰਕਿਰਿਆ ਅਧੀਨ ਜਮ੍ਹਾ ਜਾਂ ਬਦਲਵਾ ਸਕਦੇ ਹਨ।
ਕਿੱਥੇ ਬਦਲ ਸਕਦੇ ਹੋ ₹2,000 ਦਾ ਨੋਟ?
RBI ਮੁਤਾਬਕ ਹੁਣ ਆਮ ਬੈਂਕ ਸ਼ਾਖਾਵਾਂ ਵਿੱਚ ₹2,000 ਦੇ ਨੋਟ ਬਦਲਣ ਦੀ ਸਹੂਲਤ ਉਪਲਬਧ ਨਹੀਂ ਹੈ। ਜਿਨ੍ਹਾਂ ਲੋਕਾਂ ਕੋਲ ਇਹ ਨੋਟ ਹਨ, ਉਹ ਦੇਸ਼ ਭਰ ਵਿੱਚ ਸਥਿਤ RBI ਦੇ 19 Issue Offices ਵਿੱਚ ਜਾ ਕੇ ਨੋਟ ਜਮ੍ਹਾ ਜਾਂ ਬਦਲ ਸਕਦੇ ਹਨ। ਇਸ ਤੋਂ ਇਲਾਵਾ, ਲੋਕ India Post ਰਾਹੀਂ ਵੀ ਆਪਣੇ ₹2,000 ਦੇ ਨੋਟ RBI ਦੇ Issue Office ਨੂੰ ਭੇਜ ਸਕਦੇ ਹਨ, ਜਿੱਥੇ ਰਕਮ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰ ਦਿੱਤੀ ਜਾਵੇਗੀ।
ਜ਼ਿਆਦਾਤਰ ਨੋਟ ਵਾਪਸ ਆ ਚੁੱਕੇ
RBI ਦੇ ਅੰਕੜਿਆਂ ਅਨੁਸਾਰ, ਸਰਕੂਲੇਸ਼ਨ ਵਿੱਚ ਰਹੇ 98 ਫੀਸਦੀ ਤੋਂ ਵੱਧ ₹2,000 ਦੇ ਨੋਟ ਪਹਿਲਾਂ ਹੀ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਚੁੱਕੇ ਹਨ। ਫਿਰ ਵੀ ਕੁਝ ਨੋਟ ਅਜੇ ਲੋਕਾਂ ਕੋਲ ਮੌਜੂਦ ਹਨ, ਇਸ ਲਈ RBI ਸਮੇਂ-ਸਮੇਂ ‘ਤੇ ਲੋਕਾਂ ਨੂੰ ਇਹ ਜਾਣਕਾਰੀ ਦੇ ਰਿਹਾ ਹੈ ਕਿ ਉਹ ਇਨ੍ਹਾਂ ਨੂੰ ਜਮ੍ਹਾ ਕਰਵਾ ਸਕਦੇ ਹਨ।
ਅਫਵਾਹਾਂ ਤੋਂ ਰਹੋ ਸਾਵਧਾਨ
RBI ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੁਦਰਾ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਰਫ਼ RBI ਦੇ ਅਧਿਕਾਰਕ ਮਾਧਿਅਮਾਂ ‘ਤੇ ਹੀ ਭਰੋਸਾ ਕੀਤਾ ਜਾਵੇ। ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ਜਾਂ ਗਲਤ ਦਾਵਿਆਂ ਤੋਂ ਬਚੋ ਅਤੇ ਕਿਸੇ ਵੀ ਅਧਿਕਾਰਕ ਅਪਡੇਟ ਲਈ RBI ਦੀਆਂ ਸਰਕਾਰੀ ਘੋਸ਼ਣਾਵਾਂ ਨੂੰ ਹੀ ਮੰਨੋ।






