ਪੰਜਾਬਭਾਰਤ

“ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 3 ਤੋਂ 10 ਅਗਸਤ ਤੱਕ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ ‘ਚ ਸੋਧਾਂ ਸਮੇਤ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ”

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 3 ਤੋਂ 10 ਅਗਸਤ ਤੱਕ, ਕੈਬਨਿਟ ਵੱਲੋਂ ਮਨਜ਼ੂਰੀ

ਚੰਡੀਗੜ੍ਹ, 21 ਜੁਲਾਈ 2026: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ 10 ਅਗਸਤ 2026 ਤੱਕ ਹੋਵੇਗਾ। ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਕੈਬਨਿਟ ਨੇ ਸੈਸ਼ਨ ਬੁਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੈਸ਼ਨ ਦੀਆਂ ਤਰੀਕਾਂ ਤੈਅ ਕੀਤੇ ਜਾਣ ਅਤੇ ਵੱਖ-ਵੱਖ ਵਿਭਾਗਾਂ ਨਾਲ ਏਜੰਡੇ ਨੂੰ ਅੰਤਿਮ ਰੂਪ ਦੇਣ ਲਈ ਵਿਚਾਰ-ਵਟਾਂਦਰਾ ਸ਼ੁਰੂ ਕਰਨ ਦੀ ਖ਼ਬਰ ਸੀ।

ਸੈਸ਼ਨ ਦੌਰਾਨ ਸਭ ਤੋਂ ਅਹਿਮ ਮੁੱਦਿਆਂ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ (ਸੋਧ) ਐਕਟ, 2026 ਨਾਲ ਸਬੰਧਤ ਸੰਭਾਵਿਤ ਸੋਧਾਂ ਸ਼ਾਮਲ ਹਨ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕਾਨੂੰਨ ਦੀਆਂ ਕੁਝ ਧਾਰਾਵਾਂ ਵਿੱਚ ਬਦਲਾਅ ਲਈ ਸੁਝਾਅ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਸੁਝਾਵਾਂ ‘ਤੇ ਕਾਨੂੰਨੀ ਰਾਏ ਮੰਗੀ ਹੈ ਅਤੇ ਐਡਵੋਕੇਟ ਜਨਰਲ ਦੀ ਰਾਏ ਤੋਂ ਬਾਅਦ ਸੋਧਾਂ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ, ਗੈਰ-ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਦੀਆਂ ਫੀਸਾਂ ਦੇ ਨਿਯਮ ਨਾਲ ਸਬੰਧਤ 2026 ਦੇ ਸੋਧ ਆਰਡੀਨੈਂਸ ਦੀ ਥਾਂ ਨਵਾਂ ਬਿੱਲ ਲਿਆਉਣ ਦੀ ਵੀ ਸੰਭਾਵਨਾ ਹੈ। ਸੈਸ਼ਨ ਦਾ ਵਿਸਥਾਰਤ ਕਾਰਜਕ੍ਰਮ ਅਤੇ ਹੋਰ ਵਿਧਾਨਕ ਕੰਮ ਅੱਗੇ ਤੈਅ ਕੀਤੇ ਜਾਣਗੇ।

ਸਿਆਸੀ ਤੌਰ ‘ਤੇ ਵੀ ਇਹ ਸੈਸ਼ਨ ਮਹੱਤਵਪੂਰਨ ਰਹਿਣ ਦੀ ਉਮੀਦ ਹੈ, ਕਿਉਂਕਿ ਮੌਜੂਦਾ ਵਿਧਾਨ ਸਭਾ ਦੇ ਕਾਰਜਕਾਲ ਦਾ ਇਹ ਆਖ਼ਰੀ ਮਾਨਸੂਨ ਸੈਸ਼ਨ ਹੋਵੇਗਾ।

MSB
the authorMSB