ਅੰਮ੍ਰਿਤਸਰ, 24 ਜੁਲਾਈ: ਪੰਜਾਬ ਪੁਲਿਸ ਨੇ ਸਰਹੱਦ ਪਾਰ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਤਸਕਰੀ ਦੇ ਤਿੰਨ ਵੱਖ-ਵੱਖ ਮਾਡਿਊਲਾਂ ਦਾ ਪਰਦਾਫਾਸ਼ ਕਰਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਰਵਾਈ ਦੌਰਾਨ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 7.5 ਕਿਲੋ ਹੈਰੋਇਨ, 1 ਕਿਲੋ ਅਫ਼ੀਮ, 6 ਆਧੁਨਿਕ ਪਿਸਤੌਲ ਅਤੇ ₹10 ਲੱਖ ਡਰੱਗ ਮਨੀ ਬਰਾਮਦ ਕੀਤੀ ਹੈ।
ਪੁਲਿਸ ਮੁਤਾਬਕ ਇਹ ਕਾਰਵਾਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਆਪਰੇਸ਼ਨਾਂ ਵਿੱਚ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਵਿਦੇਸ਼ ਵਿੱਚ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ, ਜੋ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਨਸ਼ੀਲੇ ਪਦਾਰਥ ਅਤੇ ਹਥਿਆਰ ਪੰਜਾਬ ਵਿੱਚ ਭੇਜਦੇ ਸਨ।
ਦੋ ਮੁੱਖ ਮੁਲਜ਼ਮਾਂ ਕੋਲੋਂ ਵੱਡੀ ਬਰਾਮਦਗੀ
ਇੱਕ ਕਾਰਵਾਈ ਦੌਰਾਨ ਪੁਲਿਸ ਨੇ ਤਰਨਤਾਰਨ ਦੇ ਜੋਗਾ ਸਿੰਘ (45) ਅਤੇ ਮਨਪ੍ਰੀਤ ਸਿੰਘ (28) ਨੂੰ ਕਾਬੂ ਕੀਤਾ। ਇਨ੍ਹਾਂ ਕੋਲੋਂ 6 ਪਿਸਤੌਲ (ਚੀਨ ਅਤੇ ਤੁਰਕੀ ਵਿੱਚ ਬਣੇ ਹਥਿਆਰ ਸਮੇਤ), 1 ਕਿਲੋ ਹੈਰੋਇਨ, 1 ਕਿਲੋ ਅਫ਼ੀਮ, ₹10,000 ਨਕਦ ਅਤੇ ਤਸਕਰੀ ਲਈ ਵਰਤਿਆ ਜਾਣ ਵਾਲਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ।
ਡਰੋਨ ਰਾਹੀਂ ਹੁੰਦੀ ਸੀ ਤਸਕਰੀ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਜੋਗਾ ਸਿੰਘ ਪਾਕਿਸਤਾਨ-ਅਧਾਰਿਤ ਇੱਕ ਤਸਕਰ ਦੇ ਸੰਪਰਕ ਵਿੱਚ ਸੀ। ਦੋਸ਼ ਹੈ ਕਿ ਸਰਹੱਦ ਪਾਰੋਂ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ਾ ਭੇਜਿਆ ਜਾਂਦਾ ਸੀ, ਜਿਸ ਨੂੰ ਇਹ ਗਿਰੋਹ ਇਕੱਠਾ ਕਰਕੇ ਪੰਜਾਬ ਦੇ ਅਪਰਾਧਿਕ ਤੱਤਾਂ ਤੱਕ ਪਹੁੰਚਾਉਂਦਾ ਸੀ।
ਮੁੱਖ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 21 ਕੇਸ
ਪੁਲਿਸ ਅਨੁਸਾਰ ਜੋਗਾ ਸਿੰਘ ਇੱਕ ਆਦਤੀ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਕਤਲ, ਡਕੈਤੀ, ਲੁੱਟ, ਆਰਮਜ਼ ਐਕਟ ਅਤੇ ਐਨਡੀਪੀਐਸ ਐਕਟ ਸਮੇਤ 21 ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਹਨ।
ਜਾਂਚ ਜਾਰੀ
ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਜਾਂਚ ਏਜੰਸੀਆਂ ਇਸ ਗੱਲ ਦਾ ਪਤਾ ਲਗਾ ਰਹੀਆਂ ਹਨ ਕਿ ਇਸ ਨੈੱਟਵਰਕ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਹੈ ਅਤੇ ਸਰਹੱਦ ਪਾਰ ਬੈਠੇ ਹੈਂਡਲਰਾਂ ਤੱਕ ਕਿਵੇਂ ਪਹੁੰਚਿਆ ਜਾਵੇ, ਤਾਂ ਜੋ ਪੂਰੇ ਤਸਕਰੀ ਗਿਰੋਹ ਨੂੰ ਖਤਮ ਕੀਤਾ ਜਾ ਸਕੇ।






