ਸਾਡਾ ਵਿਰਸਾਪੰਜਾਬਭਾਰਤ

ਚੰਡੀਗੜ੍ਹ ‘ਚ ‘ਵਿਰਸੇ ਦੇ ਵਾਰਿਸ’ ਸਨਮਾਨ ਸਮਾਰੋਹ, 21 ਪ੍ਰਸਿੱਧ ਪੰਜਾਬੀ ਕਲਾਕਾਰਾਂ ਦਾ ਹੋਇਆ ਸਨਮਾਨ

Courtesy: babushahi.com

ਸਿਟੀ ਦਸਤਕ | ਚੰਡੀਗੜ੍ਹ | 27 ਜੁਲਾਈ

ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਵੱਲੋਂ ਪੰਜਾਬੀ ਕਲਚਰਲ ਇੰਸਟੀਚਿਊਟ ਦੇ ਸਹਿਯੋਗ ਨਾਲ ਸੈਕਟਰ-38 ਸਥਿਤ ਰਾਣੀ ਲਕਸ਼ਮੀ ਬਾਈ ਹਾਲ ਵਿੱਚ ਸ਼ਾਨਦਾਰ ਸੱਭਿਆਚਾਰਕ ਸਮਾਗਮ ‘ਵਿਰਸੇ ਦੇ ਵਾਰਿਸ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬੀ ਸੰਗੀਤ, ਲੋਕ ਕਲਾ ਅਤੇ ਸੱਭਿਆਚਾਰ ਨੂੰ ਅਮੁੱਲਾ ਯੋਗਦਾਨ ਦੇਣ ਵਾਲੀਆਂ 21 ਪ੍ਰਮੁੱਖ ਸ਼ਖ਼ਸੀਅਤਾਂ ਨੂੰ ‘ਵਿਰਸੇ ਦੇ ਵਾਰਿਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਸਮਾਗਮ ਦੀ ਅਗਵਾਈ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਸੁਖੀ ਬਰਾੜ ਨੇ ਕੀਤੀ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਪ੍ਰਸਿੱਧ ਗਾਇਕ ਹੰਸ ਰਾਜ ਹੰਸ, ਪੰਮੀ ਬਾਈ, ਬੀਬਾ ਰਣਜੀਤ ਕੌਰ, ਮੁਹੰਮਦ ਸਦੀਕ, ਅਮਰ ਨੂਰੀ, ਉੱਘੀ ਅਦਾਕਾਰਾ ਨਿਰਮਲ ਰਿਸ਼ੀ ਅਤੇ ਪੰਜਾਬੀ ਕਲਾ ਜਗਤ ਦੀਆਂ ਹੋਰ ਕਈ ਮਸ਼ਹੂਰ ਹਸਤੀਆਂ ਸ਼ਾਮਲ ਸਨ।

ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਕਲਾਕਾਰਾਂ ਨੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਮਾਣ ਦੀ ਗੱਲ ਹੈ ਅਤੇ ਉਹ ਪੰਜਾਬੀ ਭਾਸ਼ਾ, ਲੋਕ ਕਲਾ ਅਤੇ ਸੱਭਿਆਚਾਰ ਦੀ ਸੰਭਾਲ ਅਤੇ ਪ੍ਰਚਾਰ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।

ਸਮਾਗਮ ਦੌਰਾਨ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ, ਸੰਗੀਤ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਰੰਗਾਰੰਗ ਪ੍ਰੋਗਰਾਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਮਿਲੀ। ਇਸ ਮੌਕੇ ਹੰਸ ਰਾਜ ਹੰਸ ਸਮੇਤ ਕਈ ਮਸ਼ਹੂਰ ਗਾਇਕਾਂ ਨੇ ਆਪਣੀਆਂ ਸੰਗੀਤਕ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਹੋਰ ਯਾਦਗਾਰ ਬਣਾ ਦਿੱਤਾ।

ਸਮਾਗਮ ਦਾ ਮੁੱਖ ਉਦੇਸ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਨਮਾਨ ਦੇਣਾ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਲੋਕ ਪਰੰਪਰਾਵਾਂ ਨਾਲ ਜੋੜਨਾ ਸੀ। ਇਸ ਮੌਕੇ ਸੀਨੀਅਰ ਅਤੇ ਨੌਜਵਾਨ ਕਲਾਕਾਰਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਕੇ ਪੰਜਾਬੀ ਕਲਾ ਅਤੇ ਸੱਭਿਆਚਾਰ ਨੂੰ ਅੱਗੇ ਵਧਾਉਣ ਦਾ ਸੰਦੇਸ਼ ਵੀ ਦਿੱਤਾ ਗਿਆ।

MSB
the authorMSB