ਪੰਜਾਬਭਾਰਤ

ਸਫ਼ਾਈ ਸੇਵਕਾਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਤਨਖਾਹਾਂ ਦੁੱਗਣੀਆਂ; ਯੂਨੀਅਨਾਂ ਨਾਲ ਸਹਿਮਤੀ ਮਗਰੋਂ ਪੰਜਾਬ ਭਰ ਵਿੱਚ ਸਫ਼ਾਈ ਸੇਵਾਵਾਂ ਮੁੜ ਸ਼ੁਰੂ

ਸਿਟੀ ਦਸਤਕ | ਚੰਡੀਗੜ੍ਹ/ਲੁਧਿਆਣਾ | 1 ਅਗਸਤ
ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਫ਼ਾਈ ਸੇਵਕਾਂ ਅਤੇ ਸੀਵਰ ਮੈਨਾਂ ਲਈ ਵੱਡੇ ਫ਼ੈਸਲੇ ਲਾਗੂ ਕਰਦਿਆਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ, ਨੌਕਰੀ ਦੀ ਸੁਰੱਖਿਆ ਅਤੇ ਹੋਰ ਸਹੂਲਤਾਂ ਦਾ ਐਲਾਨ ਕੀਤਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਫ਼ਾਈ ਕਰਮਚਾਰੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਵੱਲ ਇਤਿਹਾਸਕ ਕਦਮ ਚੁੱਕੇ ਹਨ, ਜਿਸ ਨਾਲ ਹਜ਼ਾਰਾਂ ਕਰਮਚਾਰੀਆਂ ਨੂੰ ਸਿੱਧਾ ਲਾਭ ਮਿਲੇਗਾ।
ਮੰਤਰੀ ਨੇ ਦੱਸਿਆ ਕਿ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਸਾਰੇ ਆਊਟਸੋਰਸਡ ਸਫ਼ਾਈ ਸੇਵਕਾਂ ਅਤੇ ਸੀਵਰ ਮੈਨਾਂ ਨੂੰ ਇਨ-ਸੋਰਸਿੰਗ ਨੀਤੀ ਅਧੀਨ ਲਿਆਂਦਾ ਗਿਆ ਹੈ। 1 ਅਗਸਤ ਤੋਂ ਉਨ੍ਹਾਂ ਨੂੰ ₹20,520 ਮਹੀਨਾਵਾਰ ਤਨਖਾਹ ਮਿਲੇਗੀ, ਜਿਸ ਵਿੱਚ ਲਗਭਗ ₹17,000 ਇਨ-ਹੈਂਡ ਹੋਣਗੇ ਅਤੇ ਬਾਕੀ ਰਕਮ ਬੱਚਤ ਅਤੇ ਹੋਰ ਲਾਭਾਂ ਲਈ ਜਮ੍ਹਾਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕਈ ਕਰਮਚਾਰੀਆਂ ਦੀ ਤਨਖਾਹ ਲਗਭਗ ਦੁੱਗਣੀ ਹੋ ਗਈ ਹੈ।
ਹਰਜੋਤ ਸਿੰਘ ਬੈਂਸ ਨੇ ਇਹ ਵੀ ਐਲਾਨ ਕੀਤਾ ਕਿ ਸਾਲ 2021 ਵਿੱਚ ਠੇਕੇ ‘ਤੇ ਭਰਤੀ ਕੀਤੇ ਗਏ ਸਫ਼ਾਈ ਸੇਵਕਾਂ ਨੂੰ ਵੀ ਰੈਗੂਲਰ ਕੀਤਾ ਜਾਵੇਗਾ, ਜਦਕਿ ਬਾਕੀ ਮੰਗਾਂ ‘ਤੇ ਵੀ ਯੂਨੀਅਨਾਂ ਨਾਲ ਵਿਆਪਕ ਸਹਿਮਤੀ ਬਣੀ ਹੈ ਅਤੇ ਇਸ ਸਬੰਧੀ ਅਗਲੀ ਮੀਟਿੰਗ ਸੋਮਵਾਰ ਨੂੰ ਹੋਵੇਗੀ।
ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਫ਼ਾਈ ਸੇਵਕਾਂ ਲਈ ਨਵੀਆਂ ਵਿਦਿਅਕ ਯੋਗਤਾਵਾਂ ਲਾਗੂ ਕਰਨ ਸਬੰਧੀ ਜਾਅਲੀ ਪੱਤਰ ਵਾਇਰਲ ਕਰਕੇ ਅਫ਼ਵਾਹਾਂ ਫੈਲਾਈਆਂ ਗਈਆਂ, ਜੋ ਪੂਰੀ ਤਰ੍ਹਾਂ ਝੂਠੀਆਂ ਹਨ। ਪੰਜਾਬ ਸਰਕਾਰ ਨੇ ਅਜਿਹੇ ਜਾਅਲੀ ਪੱਤਰ ਤਿਆਰ ਕਰਨ ਅਤੇ ਫੈਲਾਉਣ ਵਾਲਿਆਂ ਦੀ ਜਾਂਚ ਲਈ ਲੁਧਿਆਣਾ ਪੁਲਿਸ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਮੰਤਰੀ ਨੇ ਦੱਸਿਆ ਕਿ ਯੂਨੀਅਨਾਂ ਨਾਲ ਹਾਂ-ਪੱਖੀ ਗੱਲਬਾਤ ਤੋਂ ਬਾਅਦ ਪੰਜਾਬ ਭਰ ਵਿੱਚ ਕੂੜਾ ਚੁੱਕਣ ਅਤੇ ਸਫ਼ਾਈ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਯੂਨੀਅਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨਸੂਨ ਦੇ ਮੌਸਮ ਦੌਰਾਨ ਸਫ਼ਾਈ ਸੇਵਾਵਾਂ ਦਾ ਨਿਰਵਿਘਨ ਚੱਲਣਾ ਲੋਕਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ।
ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ਨਾਲ ਜੁੜੀ ਘਟਨਾ ਬਾਰੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਡੀਐਸਪੀ ਨੂੰ ਮੁਅੱਤਲ ਕੀਤਾ ਅਤੇ ਥਾਣੇ ਦੇ ਪੁਲਿਸ ਮੁਲਾਜ਼ਮਾਂ ਦੀ ਬਦਲੀ ਕੀਤੀ। ਉਨ੍ਹਾਂ ਦੱਸਿਆ ਕਿ ਡਿਵੀਜ਼ਨਲ ਕਮਿਸ਼ਨਰ ਪਟਿਆਲਾ ਅਤੇ ਡੀਆਈਜੀ ਪਟਿਆਲਾ ਰੇਂਜ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਜਾਂਚ ਟੀਮ (SIT) ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾ ਰਹੀ ਹੈ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਫ਼ਾਈ ਸੇਵਕਾਂ ਦੀ ਭਲਾਈ, ਮਾਣ-ਸਤਿਕਾਰ ਅਤੇ ਨਿਆਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।

MSB
the authorMSB