ਪੰਜਾਬਭਾਰਤ

ਤਿਰੰਗਾ ਯਾਤਰਾ ਦੌਰਾਨ ਐਨ.ਸੀ.ਸੀ. ਕੈਡਿਟਾਂ ਨੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦਾ ਕੀਤਾ ਦੌਰਾ

ਲੁਧਿਆਣਾ: ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ ਲੁਧਿਆਣਾ ਦੇ ਐਨ.ਸੀ.ਸੀ. ਏਅਰ ਵਿੰਗ ਦੇ ਕੈਡਿਟਾਂ ਵੱਲੋਂ ਅੱਜ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ 48 ਐਨ.ਸੀ.ਸੀ. ਕੈਡਿਟਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ, ਜਲੰਧਰ ਬਾਈਪਾਸ ਦਾ ਦੌਰਾ ਕੀਤਾ ਅਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਸਟ ਅਫਸਰ ਅਤੇ ਏ.ਐਨ.ਓ. ਪਰਮਬੀਰ ਸਿੰਘ ਨੇ ਦੱਸਿਆ ਕਿ ਨੰਬਰ 4 ਪੰਜਾਬ ਏਅਰ ਸਕੁਆਡਰਨ ਐਨ.ਸੀ.ਸੀ., ਲੁਧਿਆਣਾ ਦੇ ਕਮਾਂਡਿੰਗ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਵੱਲੋਂ ਇਹ ਤਿਰੰਗਾ ਯਾਤਰਾ ਆਯੋਜਿਤ ਕੀਤੀ ਗਈ। ਕੈਡਿਟਾਂ ਨੇ ਹੱਥਾਂ ਵਿੱਚ ਤਿਰੰਗੇ ਝੰਡੇ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸਮਰਪਿਤ ਪੋਸਟਰ ਫੜੇ ਹੋਏ ਸਨ।

ਸਕੂਲ ਦੇ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਕੈਡਿਟਾਂ ਨੂੰ ਹਰੀ ਝੰਡੀ ਦਿਖਾ ਕੇ ਵਾਰ ਮਿਊਜ਼ੀਅਮ ਲਈ ਰਵਾਨਾ ਕੀਤਾ। ਮਿਊਜ਼ੀਅਮ ਪਹੁੰਚਣ ਉਪਰੰਤ ਕੈਡਿਟਾਂ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਏ ਸੈਨਿਕਾਂ ਅਤੇ ਫੌਜੀ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਦੌਰਾਨ ਕੈਡਿਟਾਂ ਨੂੰ ਸਾਲ 1947 ਤੋਂ ਬਾਅਦ ਭਾਰਤ ਵੱਲੋਂ ਲੜੀਆਂ ਗਈਆਂ ਵੱਖ-ਵੱਖ ਜੰਗਾਂ ਵਿੱਚ ਸ਼ਹੀਦ ਹੋਏ ਜਵਾਨਾਂ ਅਤੇ ਅਫਸਰਾਂ ਸਬੰਧੀ ਵਿਸਥਾਰਪੂਰਵਕ ਇਤਿਹਾਸਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵੱਖ-ਵੱਖ ਜੰਗੀ ਪਦਕ ਪ੍ਰਾਪਤ ਕਰਨ ਵਾਲੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਅਤੇ ਬਹਾਦਰੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਪ੍ਰਿੰਸੀਪਲ ਕਰਨਜੀਤ ਸਿੰਘ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਮਹਾਨ ਦੇਸ਼-ਭਗਤਾਂ ਦੇ ਨਾਲ-ਨਾਲ ਉਹ ਸੈਨਿਕ ਅਤੇ ਫੌਜੀ ਅਧਿਕਾਰੀ ਵੀ ਸਤਿਕਾਰ ਦੇ ਹੱਕਦਾਰ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਸੁੱਖ ਮਾਣ ਰਹੇ ਹਾਂ।

ਇਸ ਉਪਰੰਤ ਐਨ.ਸੀ.ਸੀ. ਕੈਡਿਟਾਂ ਵੱਲੋਂ ਸਕੂਲ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦੇਸ਼ ਭਗਤੀ ਦੇ ਨਾਅਰਿਆਂ ਨਾਲ ਰੈਲੀ ਵੀ ਕੱਢੀ ਗਈ। ਕੈਡਿਟਾਂ ਨੇ “ਭਾਰਤ ਮਾਤਾ ਕੀ ਜੈ” ਅਤੇ “ਵੰਦੇ ਮਾਤਰਮ” ਦੇ ਨਾਅਰੇ ਲਗਾ ਕੇ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ।

ਰੈਲੀ ਨੂੰ ਸਫਲ ਬਣਾਉਣ ਵਿੱਚ ਬੀ.ਐਡ. ਦੀਆਂ ਵਿਦਿਆਰਥਣਾਂ ਰਾਜਨਜੋਤ ਕੌਰ ਅਤੇ ਅਦਿੱਤੀ ਨੇ ਏ.ਐਨ.ਓ. ਪਰਮਬੀਰ ਸਿੰਘ ਦੇ ਨਾਲ ਅਹਿਮ ਭੂਮਿਕਾ ਨਿਭਾਈ। ਇਹ ਤਿਰੰਗਾ ਯਾਤਰਾ ਵਿਦਿਆਰਥੀਆਂ ਵਿੱਚ ਦੇਸ਼ ਭਗਤੀ, ਸ਼ਹੀਦਾਂ ਪ੍ਰਤੀ ਸਤਿਕਾਰ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਪ੍ਰਭਾਵਸ਼ਾਲੀ ਉਪਰਾਲਾ ਸਾਬਤ ਹੋਈ।

MSB
the authorMSB