ਲੁਧਿਆਣਾ

ਯੁੱਧ ਨਸ਼ਿਆਂ ਵਿਰੁੱਧ” ਚੱਲ ਰਹੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਡਰੱਗ ਇੰਸਪੈਕਟਰ ਸਮੇਤ — ਗਿੱਦੜਬਾਹਾ 12 ਮੈਡੀਕਲ ਸਟੋਰਾਂ ਦੀ ਕੀਤੀ ਗਈ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 05 ਅਗਸਤ 2025-

ਜ਼ਿਲ੍ਹਾ ਪੁਲਿਸ ਵੱਲੋ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡਾ.ਅਖਿਲ ਚੌਧਰੀ IPS ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚਲਦਿਆਂ ਅੱਜ ਜ਼ਿਲਾ ਪੁਲਿਸ ਵੱਲੋਂ ਡਰੱਗ ਇੰਸਪੈਕਟਰਾਂ ਨਾਲ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਸਬ ਡਿਵੀਜ਼ਨ ਗਿੱਦੜਬਾਹਾ ਵਿੱਚ 12 ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਇਹ ਮੁਹਿੰਮ ਜ਼ਿਲ੍ਹਾ ਦੇ ਸਬ ਡਵੀਜ਼ਨ ਗਿੱਦੜਬਾਹਾ ਦੇ ਇਲਾਕਿਆਂ ਵਿੱਚ ਚਲਾਈ ਗਈ, ਇਸ ਮੌਕੇ ਸ੍ਰੀ ਅਵਤਾਰ ਸਿੰਘ ਡੀ.ਐਸ.ਪੀ (ਗਿੱਦੜਬਾਹਾ), ਐੱਸ.ਆਈ ਦੀਪਕਾ ਰਾਣੀ ਮੁੱਖ ਅਫਸਰ ਥਾਣਾ ਗਿੱਦੜਬਾਹਾ ਸਮੇਤ 50 ਪੁਲਿਸ ਅਧਿਕਾਰੀ/ਕਰਮਚਾਰੀ ਅਤੇ ਸ੍ਰੀ ਰਮਨਦੀਪ ਗੁਪਤਾ ਡਰੱਗ ਇੰਸਪੈਕਟਰਜ ਦੀਆਂ ਟੀਮਾਂ ਨੇ ਭਾਗ ਲਿਆ। ਟੀਮਾਂ ਵੱਲੋ ਮੈਡੀਕਲ ਸਟੋਰਾਂ ‘ਤੇ ਪਹੁੰਚ ਕੇ ਦਵਾਈਆਂ ਦੇ ਸਟਾਕ ਰਜਿਸਟਰ, ਪ੍ਰਚੀ ਲਿਖਤ, ਮਾਨਤਾ ਪ੍ਰਾਪਤ ਲਾਇਸੰਸ, ਵਿਸ਼ੇਸ਼ ਤੌਰ ‘ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਸੰਬੰਧੀ ਰਿਕਾਰਡ ਜਾਂਚਿਆ ਗਿਆ।

ਚੈਕਿੰਗ ਟੀਮਾਂ ਨੇ ਕੁਝ ਥਾਵਾਂ ‘ਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਦੇ ਨਮੂਨੇ ਵੀ ਉਠਾਏ। ਨਾਲ ਹੀ ਦਵਾਈਆਂ ਦੀ ਮਿਆਦ ਅਤੇ ਪੈਕਿੰਗ ਤੇ ਲਿਖੀ ਜਾਣਕਾਰੀ ਦੀ ਵੀ ਜਾਂਚ ਕੀਤੀ ਗਈ।

ਇਹ ਚੈਕਿੰਗ ਸਿਰਫ਼ ਨਿਯਮਾਂ ਦੀ ਉਲੰਘਣਾ ਦੀ ਜਾਂਚ ਤੱਕ ਸੀਮਿਤ ਨਹੀਂ ਸੀ, ਸਗੋਂ ਇਸਦਾ ਮਕਸਦ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਉਪਲਬਧਤਾ ‘ਤੇ ਨਿਗਰਾਨੀ ਰੱਖਣ ਦੇ ਨਾਲ ਨਾਲ, ਮੈਡੀਕਲ ਸਟੋਰਾਂ ਨੂੰ ਵੀ ਸੂਚਿਤ ਕਰਨਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਜਾਂਚਾਂ ਹੋਣਗੀਆਂ ਅਤੇ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਚੈਕਿੰਗ ਦੌਰਾਨ ਸਾਰੇ ਮੈਡੀਕਲ ਸਟੋਰਾਂ ਨੂੰ ਨਸ਼ਾ ਵਿਰੋਧੀ ਕਾਨੂੰਨ ਅਤੇ ਮੈਡੀਕਲ ਨਿਯਮਾਂ ਦੀ ਪੂਰੀ ਪਾਲਣਾ ਕਰਨ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ। ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਦੀ ਜਾਣਕਾਰੀ ਮਿਲਣ ‘ਤੇ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਗਈ।

ਇਹ ਕਾਰਵਾਈ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਪੁਲਿਸ ਵੱਲੋਂ ਸਮਾਜ ਨੂੰ ਨਸ਼ੇ ਤੋਂ ਮੁਕਤ ਕਰਨ ਦੀ ਦਿਸ਼ਾ ਵਿੱਚ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ, ਅਤੇ ਅਜਿਹੀਆਂ ਜਾਂਚਾਂ ਅੱਗੇ ਵੀ ਜਾਰੀ ਰਹਿਣਗੀਆਂ। ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਥਾਂ ਨਸ਼ੀਲੀਆਂ ਦਵਾਈਆਂ ਦੀ ਗੈਰਕਾਨੂੰਨੀ ਵਿਕਰੀ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਬਿਨਾਂ ਝਿਜਕ ਪੁਲਿਸ ਨਾਲ ਸੰਪਰਕ ਕਰਨ। ਜਾਣਕਾਰੀ ਸਾਂਝੀ ਕਰਨ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਸੇਫ਼ ਪੰਜਾਬ ਹੈਲਪਲਾਈਨ: 97791-00200

ਜ਼ਿਲ੍ਹਾ ਪੁਲਿਸ ਕੰਟਰੋਲ ਰੂਮ ਨੰਬਰ: 80549-42100

MSB
the authorMSB