ਸ੍ਰੀ ਮੁਕਤਸਰ ਸਾਹਿਬ 06 ਅਗਸਤ 2025:
ਸੁਤੰਤਰਤਾ ਦਿਵਸ (15 ਅਗਸਤ) ਸਬੰਧੀ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੇ ਸਾਰੇ ਬੱਸ ਅੱਡਿਆਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਰਚ ਓਪਰੇਸ਼ਨ ਚਲਾਇਆ ਗਿਆ।
ਡਾ. ਅਖਿਲ ਚੌਧਰੀ (ਆਈ.ਪੀ.ਐਸ), ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ, ਜ਼ਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਇੱਕਸਾਰ ਪੁਲਿਸ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ। ਇਸ ਮੌਕੇ ਮਨਮੀਤ ਸਿੰਘ ਢਿੱਲੋਂ ਐਸ.ਪੀ. (ਡੀ.), ਨਵੀਨ ਕੁਮਾਰ ਡੀ.ਐਸ.ਪੀ. (ਸ੍ਰੀ ਮੁਕਤਸਰ ਸਾਹਿਬ), ਇਕਬਾਲ ਸਿੰਘ ਡੀ.ਐਸ.ਪੀ. (ਮਲੋਟ), ਅਵਤਾਰ ਸਿੰਘ ਡੀ.ਐਸ.ਪੀ. (ਗਿੱਦੜਬਾਹਾ) ਅਤੇ ਜਸਪਾਲ ਸਿੰਘ ਡੀ.ਐਸ.ਪੀ. (ਲੰਬੀ) ਅਤੇ ਕਰੀਬ 250 ਪੁਲਿਸ ਕਰਮਚਾਰੀ ਮੌਜੂਦ ਸਨ।
ਯਾਤਰੀਆਂ ਦੀ ਵਿਅਕਤੀਗਤ ਜਾਂਚ ਅਤੇ ਡੌਗ ਸਕਾਡ ਦੀ ਮਦਦ
ਬੱਸ ਅੱਡਿਆਂ ਦੀ ਚੈਕਿੰਗ ਦੌਰਾਨ ਡੌਗ ਸਕਾਡ ਟੀਮ ਵੱਲੋਂ ਬੱਸ ਅੱਡਿਆਂ ਦੀਆਂ ਇਮਾਰਤਾਂ, ਉਡੀਕ ਘਰਾਂ, ਪਾਰਕਿੰਗ ਸਥਾਨਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਸ਼ੱਕੀ ਸਮਾਨ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ PAIS ਐਪ ਰਾਹੀਂ ਸੱਕੀ ਵਿਅਕਤੀਆਂ ਅਤੇ VAHAN ਐਪ ਰਾਹੀਂ ਸ਼ੱਕੀ ਵਹੀਕਲਾਂ ਦੀ ਜਾਂਚ ਕੀਤੀ ਗਈ।

ਐਸ.ਐਸ.ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸ਼ਰਾਰਤੀ ਅਨਸਰਾਂ ਅਤੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇਹ ਚੈਕਿੰਗ ਕੀਤੀ ਗਈ ਹੈ ਅਤੇ ਅੱਗੇ ਵੀ ਅਜਿਹੇ ਓਪਰੇਸ਼ਨ ਜਾਰੀ ਰਹਿਣਗੇ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਸ਼ੱਕੀ ਵਿਅਕਤੀ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ, ਤਾਂ ਤੁਰੰਤ ਨਿਮਨਲਿਖਤ ਨੰਬਰਾਂ ਤੇ ਪੁਲਿਸ ਨੂੰ ਸੁਚਿਤ ਕੀਤਾ ਜਾਵੇ। ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਐਮਰਜੈਂਸੀ ਹੈਲਪਲਾਈਨ: 112
ਪੁਲਿਸ ਕੰਟਰੋਲ ਰੂਮ: 80549 42100





